By: Narinder Mahi Banga


ਸਿਆਣੇ ਕਹਿੰਦੇ ਹਨ ਕਿ ਮਿਹਨਤ ਕਰਦੇ ਜਾਉ ਫਲ਼ ਦੀ ਇੱਛਾ ਨਾ ਰੱਖੋ। ਫਲ਼ ਇੱਕ ਨਾ ਇੱਕ ਦਿਨ ਤੁਹਾਡੀ ਝੋਲ਼ੀ ਜਰੂਰ ਪਵੇਗਾ। ਤੁਸੀਂ ਦੇਖਿਆ ਹੋਵੇਗਾ ਕਿ ਹਰ ਸਕੂਲ ਦੇ ਦਫਤਰ ਵਿੱਚ ਦੋ ਤਰਾਂ ਦੀਆਂ ਤਖਤੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਇੱਕ ਤਖਤੀ ਤੇ ਹੈਡਮਾਸਟਰ ਜਾਂ ਪ੍ਰਿੰਸੀਪਲ ਦੇ ਨਾਂ ਅੰਕਿਤ ਹੋਣਗੇ ਤੇ ਦੂਜੀ ਤੇ ਮੈਰਿਟ ਪ੍ਰਾਪਤ ਵਿਦਿਆਰਥੀਆਂ ਦੇ। ਇਸ ਪੋਸਟ ਵਿੱਚ ਪਾਈ ਤਖਤੀ ਤੇ ਅੰਕਿਤ ਨਾਂ ਵਾਲੇ ਵਿਆਕਤੀ ਕਿਤੇ ਨਾ ਕਿਤੇ ਮੰਜਿਲਾਂ ਸਰ ਕਰਕੇ ਬੈਠੇ ਹੋਣਗੇ। ਪਰ ਇਸ ਵਿੱਚ ਮੈਂ ਹਿੰਦੂ ਹਾਈ ਸਕੂਲ ਦੇ ਮੈਰਿਟ ਪ੍ਰਾਪਤ ਕੁਝ ਵਿਦਿਆਰਥੀਆਂ ਦਾ ਜਿਕਰ ਕਰਨ ਲੱਗਾ ਹਾਂ। ਪਹਿਲਾਂ ਕਰਦੇ ਹਾਂ ਕਲਾਸ ਅੱਠਵੀਂ ਦੇ 1971-72 ਸ਼ੈਸ਼ਨ ਦੀ ਜਿਸ ਵਿੱਚ ਕਿਸ਼ਨ ਚੰਦ ਵਾਸੀ ਜੰਡਿਆਲਾ ਨੇੜੇ ਬੰਗਾ ਨੇ 508/800 ਨੰਬਰ ਲੈ ਕੇ ਮੈਰਿਟ ਹਾਸਲ ਕੀਤੀ ਸੀ ਤੇ ਦਸਵੀਂ ਦੇ ਸ਼ੈਸ਼ਨ 1973-74 ਵਿੱਚੋਂ 647/800 ਅੰਕ ਪ੍ਰਾਪਤ ਕਰਕੇ ਮੈਰਿਟ ਵਾਲੇ ਤਖਤੇ ਤੇ ਦੋਬਾਰਾ ਆਪਣਾ ਨਾਂ ਲਿਖਾਇਆ। ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਬੀਐਸਸੀ ਮੈਡੀਕਲ ਕਰਨ ਉਪਰੰਤ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਅੰਮ੍ਰਿਤਸਰ ਤੋਂ ਐਮਬੀਬੀਐਸ ਕੀਤੀ। ਵੱਖ ਵੱਖ ਥਾਵਾਂ ਤੇ ਮੈਡੀਕਲ ਅਫਸਰ ਦੀਆਂ ਸੇਵਾਵਾਂ ਦਿੰਦੇ ਦਿੰਦੇ ਐਸਐਮੳ ਸੇਵਾ ਮੁਕਤ ਹੋਏ ਤੇ ਪਿੰਡ ਛੱਡਕੇ ਸ਼ਹਿਰ ਬੰਗਾ ਦੇ ਵਾਸੀ ਹੋ ਗਏ। ਹੁਣ ਗੱਲ ਕਰਦੇ ਹਾਂ ਅੱਠਵੀਂ ਦੇ ਸ਼ੈਸ਼ਨ 1977-78 ਦੀ, ਜਿਸ ਵਿੱਚ ਰੋਸ਼ਨ ਲਾਲ ਵਾਸੀ ਜੰਡਿਆਲਾ ਨੇ 568/800 ਨੰਬਰ ਲੈ ਕੇ ਮੈਰਿਟ ਵਿੱਚ ਆਪਣਾ ਨਾਂ ਦਰਜ ਕਰਾਇਆ ਇਸੇ ਤਰਾਂ ਉਸਨੇ ਕਲਾਸ ਦਸਵੀਂ ਸ਼ੈਸ਼ਨ 1979-80 ਵਿੱਚ 882/1200 ਨੰਬਰ ਪ੍ਰਾਪਤ ਕਰਕੇ ਫਿਰ ਮੈਰਿਟ ਹਾਸਲ ਕੀਤੀ। ਸਿੱਖ ਨੈਸ਼ਨਲ ਕਾਲਜ ਤੋਂ ਪ੍ਰੀ ਨਾਨ ਮੈਡੀਕਲ ਕਰਕੇ ਗੇਟ ਦਾ ਟੈਸਟ ਕਲੀਅਰ ਕਰਕੇ ਥਾਪਰ ਕਾਲਜ ਪਟਿਆਲਾ ਤੋੰ ਐਮਈ ਕੀਤੀ ਤੇ ਇੰਜਨੀਅਰਿੰਗ ਕਾਲਜ ਬਠਿੰਡਾ ਪ੍ਰੋਫੈਸਰ ਲੱਗ ਗਏ ਤੇ ਫਿਰ ਬਦਲੀ ਕਰਵਾ ਕੇ ਪੈਕ ਚੰਡੀਗੜ ਵਿੱਚ ਰਹੇ ਤੇ ਇੱਥੇ ਰਹਿੰਦਿਆਂ ਹੀ ਪੀਐਚਡੀ ਕੀਤੀ ਤੇ ਆਪਣੇ ਨਾਂ ਨਾਲ ਡਾਕਟਰ ਲਿਖਾਕੇ ਐਸੋਸੀਏਟ ਪ੍ਰੋਫੈਸਰ ਦੇ ਅਹੁਦੇ ਤੇ ਪਹੁੰਚੇ ਤੇ ਦੋ ਕੁ ਸਾਲ ਪਹਿਲਾਂ ਬਿਮਾਰ ਹੋਣ ਉਪਰੰਤ ਮੌਤ ਹੋ ਗਈ। ਦਸਵੀਂ ਦੇ ਸ਼ੈਸ਼ਨ 1981-82 ਵਿੱਚ ਬੰਗਾ ਦੇ ਸੰਜੀਵ ਕੁਮਾਰ ਜੈਨ ਨੇ 1007/1200 ਨੰਬਰ ਪ੍ਰਾਪਤ ਕੀਤੇ ਤੇ ਅੱਗੇ ਚੱਲ ਕੇ ਐਮਡੀ ਕਰਕੇ ਹਾਰਟ ਦੇ ਸਪੈਸਲਿਸਟ ਡਾਕਟਰ ਬਣੇ ਜੋ ਅੱਜ ਕੱਲ ਪਾਣੀਪਤ ਵਿਖੇ ਨਾਮਵਰ ਡਾਕਟਰ ਦੇ ਤੌਰ ਤੇ ਜਾਣੇ ਜਾਂਦੇ ਹਨ। ਵਾਸੀ ਬੰਗਾ ਦੇ ਸੰਜੀਵ ਜੈਨ ਨੇ ਸ਼ੈਸ਼ਨ 1983-84 ਵਿੱਚ 841/1200 ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਤੇ ਅੱਗੇ ਚੱਲਕੇ ਐਲਐਲਬੀ ਕਰਕੇ ਜੈਨ ਐਂਡ ਜੈਨ ਐਡਵੋਕੇਟ ਪਰਿਵਾਰ ਦਾ ਹਿੱਸਾ ਬਣੇ। ਸ਼ੈਸ਼ਨ 1987-88 ਵਿੱਚ ਜੰਡਿਆਲਾ ਦੇ ਵਿਜੈ ਆਨੰਦ ਨੇ 600/800 ਨੰਬਰ ਲੈ ਕੇ ਮੈਰਿਟ ਹਾਸਲ ਕੀਤੀ ਤੇ ਬਾਰ੍ਹਵੀਂ ਸਾਇੰਸ ਵਿਸ਼ਿਆਂ ਨਾਲ ਪੜ੍ਹਕੇ ਪਾਸ ਕੀਤੀ ਤੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਦਾ ਟੈਸਟ ਦਿੱਤਾ ਤੇ ਨੌਕਰੀ ਪ੍ਰਾਪਤ ਕੀਤੀ। ਨੌਕਰੀ ਕਰਦਿਆਂ ਗ੍ਰੈਜੂਏਟ ਤੇ ਫਿਰ ਐਮਬੀਏ ਕਰਕੇ ਹੁਣ ਨੈਸ਼ਨਲ ਇੰਸ਼ੋਰੈਂਸ ਕੰਪਨੀ ਨਕੋਦਰ ਵਿਖੇ ਹਰੀ ਛਾਈ ਵਾਲੇ ਪੈੱਨ ਨਾਲ ਦਸਤਖਤ ਕਰਨ ਵਾਲੇ ਅਫਸਰ ਬਣਕੇ ਬੈਠੇ ਹਨ। ਗੱਲ ਹੁਣ ਕਰਦੇ ਹਾਂ ਸ਼ੈਸ਼ਨ 1991-92 ਦੀ, ਜਿਸ ਵਿੱਚ ਬੰਗਾ ਦੇ ਕੇਸ਼ਵ ਜੈਨ ਨੇ 518/800 ਅੰਕ ਲੈ ਕੇ ਮੈਰਿਟ ਪ੍ਰਾਪਤ ਕੀਤੀ ਸੀ। ਬੀਐਸਸੀ ਸਿੱਖ ਨੈਸ਼ਨਲ ਕਾਲਜ ਬੰਗਾ, ਐਮਐਸਸੀ ਫਿਜਿਕਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਐਮਐਡ ਮਿੰਟਗੁਮਰੀ ਕਾਲਜ ਜਲੰਧਰ ਤੋਂ ਕੀਤੀ। ਆਪ ਮੈਰਿਟਾਂ ਪ੍ਰਾਪਤ ਕਰਨ ਵਾਲੇ ਨੇ ਅੱਗੇ ਕਿੱਤਾ ਵੀ ਬੱਚਿਆਂ ਨੂੰ ਸਿਖਿਆ ਦੇਣ ਦਾ ਆਰੰਭਿਆ। ਹੁਣ ਗੁਰੂਕੁਲ ਨਵਾਂਸ਼ਹਿਰ ਦੇ ਮੈਨੇਜਿੰਗ ਡਾਏਰੈਕਟਰ ਤੇ ਭਗਵਾਨ ਮਹਾਂਵੀਰ ਪਬਲਿਕ ਸਕੂਲ ਬੰਗਾ ਦੇ ਮੈਨੇਜਰ ਦੀਆਂ ਜਿੰਮੇਵਾਰੀਆਂ ਨਿਭਾ ਰਹੇ ਹਨ। ਇਸ ਤੋਂ ਪਤਾ ਲੱਗਦਾ ਕਿ ਮਿਹਨਤ ਕਦੇ ਅਜਾਂਈ ਨੀ ਜਾਂਦੀ। ਉਹ ਆਪਣੇ ਪਿੱਛੇ ਸ਼ੰਘਰਸ਼ ਦੀਆਂ ਪੈੜਾਂ ਜਰੂਰ ਛੱਡ ਕੇ ਜਾਂਦੀ ਆ। ਮਿਹਨਤੀਆਂ ਨੂੰ ਦਿਲੋਂ ਸਲਾਮ। ਇੱਥੇ ਮੈਨੂੰ ਇੱਕ ਸ਼ੇਅਰ ਯਾਦ ਆ ਗਿਆ ‘ ਜਿੰਦਗੀ ਦੇ ਅਸਲ ਰਾਣੇ ਉਹ ਫਰਿਆਦ ਨੇ ਹੱਥ ਤੇਸੇ ਜਿਹਨਾਂ ਅਮਲ ਦੇ ਫੜੇ, ਮਜਨੂੰਆਂ ਨਾਲ ਜਿੰਦਗੀ ਦਾ ਕੀ ਸੌਰਿਆ ਜਿਗਰ ਖਾਂਦੇ ਰਹੇ ਖੂਨ ਪੀਂਦੇ ਰਹੇ।

Leave a Reply

Your email address will not be published. Required fields are marked *