ਨਰਿੰਦਰ ਮਾਹੀ ਬੰਗਾ
ਨਗਰ ਕੌਂਸਲ ਦੀਆਂ 14 ਫਰਵਰੀ ਨੂੰ ਹੋਈਆਂ ਚੋਣਾਂ ਦਾ ਨਤੀਜਾ ਅੱਜ ਆ ਗਿਆ ਹੈ ਪਰ ਬੰਗਾ ਦੇ ਆਏ ਨਤੀਜਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆਂ। ਹੁਣ ਦੇਖਣਾ ਹੋਵੇਗਾ ਕਿ ਕਿਸ ਤਰਾਂ ਜੋੜ ਤੋੜ ਨਾਲ ਕੌਣ ਕੌਣ ਰਲਕੇ ਕਮੇਟੀ ਬਣਾਉਂਦੇ ਨੇ। ਇੱਥੇ ਦੱਸ ਦਈਏ ਕਿ ਨਗਰ ਕੌਂਸਲ ਬੰਗਾ ਦੇ ਵਾਰਡ 1 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵੰਦਨਾ, ਵਾਰਡ 2 ਤੋਂ ਆਜ਼ਾਦ ਉਮੀਦਵਾਰ ਹਿੰਮਤ ਕੁਮਾਰ, ਵਾਰਡ 3 ਤੋਂ ਭਾਜਪਾ ਦੀ ਅਨੀਤਾ ਖੋਸਲਾ, ਵਾਰਡ 4 ਤੋਂ ਆਮ ਆਦਮੀ ਪਾਰਟੀ ਦੀ ਮੋਨਿਕਾ ਵਾਲੀਆ, ਵਾਰਡ 5 ਤੋਂ ਆਮ ਆਦਮੀ ਪਾਰਟੀ ਦੀ ਮੀਨੂ, ਵਾਰਡ 6 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਸਵਿੰਦਰ ਸਿੰਘ ਮਾਨ, ਵਾਰਡ 7 ਤੋਂ ਕਾਂਗਰਸ ਦੀ ਰਛਪਾਲ ਕੌਰ, ਵਾਰਡ 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੀਤ ਸਿੰਘ ਭਾਟੀਆ, ਵਾਰਡ 9 ਤੋਂ ਕਾਂਗਰਸ ਦੀ ਤਲਵਿੰਦਰ ਕੌਰ, ਵਾਰਡ 10 ਤੋਂ ਆਮ ਆਦਮੀ ਪਾਰਟੀ ਦੇ ਸਰਬਜੀਤ ਸਿੰਘ, ਵਾਰਡ 11 ਤੋਂ ਕਾਂਗਰਸ ਦੇ ਕੀਮਤੀ ਸੱਦੀ, ਵਾਰਡ 12 ਤੋਂ ਕਾਂਗਰਸ ਦੇ ਮਨਜਿੰਦਰ ਮੋਹਨ, ਵਾਰਡ 13 ਤੋਂ ਕਾਂਗਰਸ ਦੀ ਜਤਿੰਦਰ ਕੌਰ, ਵਾਰਡ 14 ਤੋਂ ਆਮ ਆਦਮੀ ਪਾਰਟੀ ਦੇ ਨਰਿੰਦਰ ਜੀਤ ਅਤੇ ਵਾਰਡ 15 ਤੋਂ ਆਮ ਆਦਮੀ ਪਾਰਟੀ ਦੇ ਸੁਰਿੰਦਰ ਕੁਮਾਰ ਜੇਤੂ ਰਹੇ। ਹੁਣ ਇੱਥੇ ਇਹ ਦੇਖਣ ਵਾਲੀ ਗੱਲ ਹੈ ਕਿ ਨਗਰ ਕੌਂਸਲ ਦੀ ਕਮੇਟੀ ਕਿਹੜੀ ਪਾਰਟੀ ਬਣਾਏਗੀ। ਕਾਂਗਰਸ ਨੂੰ ਪੰਜ ਸੀਟਾਂ, ਆਪ ਨੂੰ ਪੰਜ ਸੀਟਾਂ ਮਿਲੀਆਂ ਹਨ ਤੇ ਦੂਜੇ ਪਾਸੇ ਅਕਾਲੀ ਤੇ ਅਜਾਦ ਉਮੀਦਵਾਰਾਂ ਨੂੰ ਸ਼ਾਮਲ ਕਰਕੇ ਗਿਣਤੀ ਪੰਜ ਬਣਦੀ ਹੈ। ਕਿਹਾ ਜਾ ਰਿਹਾ ਹੈ ਕਿ ਆਪ ਤੇ ਕਾਂਗਰਸ ਪਾਰਟੀ ਸਮਝੌਤਾ ਨਹੀਂ ਕਰ ਸਕਦੇ। ਪਰ ਕਰ ਲੈਣ ਤਾਂ ਢਾਈ ਢਾਈ ਸਾਲ ਲਈ ਆਪਣਾ ਪ੍ਰਧਾਨ ਬਣਾਕੇ ਸ਼ਹਿਰ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਜੇ ਆਪ ਅਕਾਲੀਆਂ ਨਾਲ ਸਮਝੌਤਾ ਕਰਕੇ ਕਮੇਟੀ ਬਣਾਉਂਦੀ ਹੈ ਤਾਂ ਉਸ ਵਿੱਚ ਇੱਕ ਵੋਟ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ ਦੀ ਜੁੜ ਸਕਦੀ ਹੈ ਤੇ ਬਹੁਮਤ ਨਾਲ ਕਮੇਟੀ ਬਣਾਈ ਜਾ ਸਕਦੀ ਹੈ। ਹੁਣ ਦੇਖਣਾ ਹੋਵੇਗਾ ਕਿ ਪਾਰਟੀਆਂ ਦੀਆਂ ਮੀਟਿੰਗਾਂ ਵਿੱਚ ਊਠ ਕਿਸ ਕਰਵਟ ਬੈਠੇਗਾ।
