Narinder Mahi Banga
ਬੰਗਾ ਮੇਨ ਰੋਡ ਤੇ ਗਾਂਧੀ ਨਗਰ ਨੂੰ ਮੁੜਨ ਵਾਲੀ ਸੜਕ ਦੇ ਨਜਦੀਕ ਪਿਆਰੇ ਦਾ ਢਾਬਾ ਹੁੰਦਾ ਸੀ। ਉਸਦਾ ਮਾਲਕ ਸੀ ਪਿਆਰਾ ਸਿੰਘ ਜੋ ਕਿ ਪਿਆਰਾ ਤੁਰਲੀ ਵਾਲ਼ਾ ਦੇ ਨਾਂ ਨਾਲ ਮਸ਼ਹੂਰ ਸੀ। ਉਸਦਾ ਨਾਂ ਪਿਆਰਾ ਤੁਰਲੀ ਵਾਲ਼ਾ ਕਿਉਂ ਪਿਆ ਇਹ ਵੀ ਵਿਚਾਰਨ ਵਾਲ਼ੀ ਗੱਲ ਹੈ। ਤੁਸੀਂ ਤੁਰਲੇ ਵਾਲੀ ਪੱਗ ਦਾ ਜਿਕਰ ਤਾਂ ਆਮ ਹੀ ਸੁਣਿਆ ਹੋਵੇਗਾ। ਪਰ ਪਿਆਰਾ ਜਿਹੜੀ ਪੱਗ ਬੰਨ੍ਹਦਾ ਸੀ ਉਸਦਾ ਤੁਰਲਾ ਨਹੀਂ ਬਲਕਿ ਬਹੁਤ ਹੀ ਪਤਲੀ ਜਿਹੀ ਤੁਰਲੀ ਕੱਢਦਾ ਹੁੰਦਾ ਸੀ। ਉਸਨੂੰ ਆਪਣੀ ਤੁਰਲੀ ਨਾਲ ਇੰਨਾ ਪਿਆਰ ਸੀ ਕਿ ਇੱਕ ਵਾਰ ਸਾਡੇ ਪਿੰਡ ਦਾ ਕਰਮ ਸਿੰਘ ਮੇਰੇ ਭਾਪੇ ਨੂੰ ਕਹਿੰਦਾ ਚੱਲ ਬਈ ਆਨੰਦਪੁਰ ਸਾਹਿਬ ਦੇ ਮੇਲੇ ਹੋਲੇ ਮੁਹੱਲੇ ਤੇ ਚੱਲੀਏ। ਟਰੈਕਟਰ ਟਰਾਲੀ ਲਿਜਾਣੀ ਆਂ ਹੋਰ ਵੀ ਪੁੱਛ ਲਿਉ ਕਿਸੇ ਨੇ ਜਾਣਾ ਹੋਇਆ ਤਾਂ। ਮੈਂ ਛੋਟਾ ਜਿਹਾ ਸੀ ਪਰ ਪੂਰੀ ਸੁਰਤ ਸੀ ਤੇ ਮੈਂ ਮੇਲੇ ਤੇ ਜਾਣ ਲਈ ਤਿਆਰ ਹੋ ਗਿਆ। ਪਿੰਡ ਤੋਂ ਜਾਣ ਵਾਲੀ ਸੰਗਤ ਨਾਲ ਟਰਾਲੀ ਭਰ ਗਈ। ਜਦੋਂ ਟਰਾਲੀ ਮੇਨ ਰੋਡ ਬੰਗਾ ਪੁੱਜੀ ਤਾਂ ਪਿਆਰੇ ਦੇ ਢਾਬੇ ਤੇ ਆ ਕੇ ਖੜ੍ਹ ਗਈ ਤੇ ਕਰਮ ਸਿੰਘ ਕਹਿੰਦਾ ਪਿਆਰੇ ਨੂੰ ਵੀ ਨਾਲ ਲੈ ਕੇ ਜਾਣਾ। ਕਰਮ ਸਿੰਘ ਤੇ ਪਿਆਰੇ ਦਾ ਦੋਸਤਾਨਾ ਬਹੁਤ ਗੂੜ੍ਹਾ ਸੀ। ਪਿਆਰਾ ਜਾਣ ਲਈ ਫੱਟ ਤਿਆਰ ਹੋ ਗਿਆ। ਸ਼ਾਮ ਪੈਂਦਿਆਂ ਤੱਕ ਮੇਲੇ ਵਿੱਚ ਪਹੁੰਚ ਗਏ ਤੇ ਖਾਲੀ ਜਗ੍ਹਾ ਦੇਖ ਕੇ ਟਰੈਕਟਰ ਟਰਾਲੀ ਉਥੇ ਲਾ ਕੇ ਸਭ ਨੂੰ ਦੱਸ ਦਿੱਤਾ ਗਿਆ ਕਿ ਮੇਲਾ ਦੇਖ ਕੇ ਇਸ ਟਿਕਾਣੇ ਤੇ ਪੁੱਜ ਜਾਣਾ। ਉਸ ਵੇਲੇ ਭੱਜ ਨੱਠ ਵਾਲ਼ੀ ਜਿੰਦਗੀ ਨਹੀਂ ਸੀ ਸਮਾਂ ਹੀ ਸਮਾਂ ਸੀ। ਕਈ ਕਈ ਦਿਨ ਰਹਿ ਕੇ ਮੁੜਦੇ ਸਨ। ਇੱਕ ਰਾਤ ਪਿਆਰਾ ਤੁਰਲੀ ਵਾਲਾ ਟਰਾਲੀ ਵਿੱਚ ਸੁੱਤਾ ਪਿਆ ਸੀ ਤੇ ਉਥੇ ਬੈਠੇ ਕਰਮ ਸਿੰਘ ਨੂੰ ਸ਼ਰਾਰਤ ਸੁੱਝੀ ਉਸਨੇ ਪਿਆਰੇ ਦੀ ਤੁਰਲੀ ਮਲਕ ਦੇਣੇ ਪੱਗ ਵਿੱਚ ਦੇ ਦਿੱਤੀ। ਜਦੋਂ ਪਿਆਰਾ ਸਵੇਰ ਨੂੰ ਉਠਿਆ ਤਾਂ ਕਰਮ ਸਿੰਘ ਕਹਿੰਦਾ ਕਿ ਪਿਆਰਿਆ ਤੇਰੀ ਤੁਰਲੀ ਕਿੱਥੇ ਚਲੀ ਗਈ। ਕੋਈ ਕੱਟ ਕੇ ਲੈ ਗਿਆ ਲੱਗਦਾ। ਪਿਆਰੇ ਨੇ ਆਪਣੇ ਸਿਰ ਉਪਰ ਹੱਥ ਫੇਰਿਆ ਤਾਂ ਤੁਰਲੀ ਗਾਇਬ ਦੇਖ ਕੇ ਉਸਦੇ ਹੋਸ਼ ਉਡ ਗਏ। ਜਿਸ ਤਰਾਂ ਉਸਦੀ ਕਿਸੇ ਨੇ ਧੌਣ ਲਾਹ ਦਿੱਤੀ ਹੋਵੇ। ਕੋਲ ਬੈਠਾ ਕਰਮ ਸਿੰਘ ਇਹ ਸਭ ਦੇਖ ਰਿਹਾ ਸੀ ਤੇ ਮੁਸਕੜੀ ਹੱਸ ਰਿਹਾ ਸੀ। ਜਦੋਂ ਕਰਮ ਸਿੰਘ ਨੇ ਦੇਖਿਆ ਕਿ ਪਿਆਰਾ ਬਹੁਤ ਉਦਾਸ ਹੋ ਗਿਆ ਤਾਂ ਉਸਨੇ ਪੱਗ ਵਿੱਚ ਦਿੱਤੀ ਹੋਈ ਤੁਰਲੀ ਬਾਹਰ ਕੱਢ ਦਿੱਤੀ ਤੇ ਕਿਹਾ ਆਹ ਫੜ ਆਪਣੀ ਤੁਰਲੀ। ਪਿਆਰਾ ਕਰਮ ਸਿੰਘ ਨਾਲ ਥੋੜਾ ਨਾਰਾਜ ਹੋ ਗਿਆ ਤੇ ਕਹਿੰਦਾ ਮੇਰੀ ਤੁਰਲੀ ਨਾਲ ਮਜਾਕ ਨੀ ਕਰਨਾ ਹੋਰ ਜੋ ਮਰਜੀ ਕਰ ਲਉ। ਇਸ ਤਰਾਂ ਪਿਆਰੇ ਦੀ ਤੁਰਲੀ ਅਖੀਰ ਤੱਕ ਉਹਦੇ ਨਾਲ ਗਈ। ਜਿਸ ਤਰਾਂ ਪਿਆਰਾ ਤੁਰਲੀ ਕਰਕੇ ਬੰਗਾ ਵਿਲਾਕੇ ਵਿੱਚ ਮਸ਼ਹੂਰ ਸੀ ਉਸੇ ਤਰਾਂ ਗਿਰਧਾਰੀ ਜੁਤੀਆਂ ਵਾਲਾ, ਚਾਂਈ ਪਤੰਗਾ ਵਾਲਾ, ਜੈ ਲਾਈਟਾਂ ਵਾਲਾ, ਬਰਮਾਨੀ ਫੋਟੋ ਸਟੇਟ ਵਾਲਾ, ਸਗਲੀ ਟੈਂਟ ਵਾਲਾ, ਉਸਤਾਦ ਸਵੀਟ ਸ਼ਾਪ, ਭੱਜੀ ਹਲਵਾਈ, ਲੇਖੂ ਸਿਪਾਹੀ, ਪਿੰਦਰ ਹਲਵਾਈ, ਚੰਨਣ ਦੀ ਦਵਾਈ, ਸੋਹਣ ਦੀ ਮੱਛੀ ਫਰਾਈ, ਚਰਨ ਦਾ ਢਾਬਾ, ਆਲਮ ਦਾ ਢਾਬਾ, ਬਾਰਾ ਸੁਨਿਆਰਾ, ਚੀਕੂ ਦੀਆਂ ਮੇਖਾਂ, ਵਿਸ਼ਵਾ ਮਿੱਤਰ ਸੋਡੇ ਵਾਲਾ, ਗੁਲਜਾਰੀ ਸੱਪਾਂ ਵਾਲਾ, ਚੰਨਣ ਸਿੰਘ ਕੋਕਾ ਸੁਰਮੇ ਵਾਲਾ, ਡਾਕਟਰ ਪਾਠਸ਼ਾਲਾ ਵਾਲਾ, ਡਾਕਟਰ ਪੁਲ਼ੀਵਾਲਾ, ਡਾਕਟਰ ਬੇਰੀ ਵਾਲਾ ਆਦਿ ਵੀ ਬਹੁਤ ਮਸ਼ਹੂਰ ਸਨ।