By: Narinder Mahi Banga


ਪਿਛਲੀ ਪੋਸਟ ਵਿੱਚ ਮੈਂ ਬੰਗਾ ਦੇ ਮੋਹਰੀ ਸਕੂਲਾਂ ਦਾ ਜਿਕਰ ਕੀਤਾ ਸੀ। ਉਸ ਤੋਂ ਵੀ ਪਹਿਲਾਂ ਇੱਕ ਭੀਮਾ ਅਕੈਡਮੀ ਵੀ ਟਿਊਸ਼ਨ ਪੜ੍ਹਾਉਣ ਲਈ ਬੜੀ ਮਸ਼ਹੂਰ ਸੀ। ਜਿੱਥੇ ਹਰ ਤਰਾਂ ਦੇ ਵਿਦਿਆਰਥੀ, ਹਰ ਵਿਸ਼ਾ ਖਾਸ ਤੌਰ ਤੇ ਹਿਸਾਬ ਤੇ ਅੰਗਰੇਜੀ ਦੀ ਟਿਊਸ਼ਨ ਪੜ੍ਹਨ ਆਉਂਦੇ ਸਨ। ਮੇਨ ਰੋਡ ਤੋਂ ਬਰਮਾਨੀ ਵਾਲੀ ਸੜਕ ਮੁੜਕੇ ਅੱਗੇ ਸੱਜੇ ਪਾਸੇ ਪਹਿਲਾ ਮੋੜ ਮੁੜਕੇ ਇੱਕ ਤੁਰਲੇ ਵਾਲੀ ਪਗੜੀ ਵਾਲਾ ਗੁਲਜਾਰੀ ਲਾਲ ਕੱਪੜੇ ਪ੍ਰੈਸ ਕਰਦਾ ਸੀ ਉਹ ਸੱਪ ਫੜਨ ਲਈ ਵੀ ਬੜਾ ਮਸ਼ਹੂਰ ਸੀ। ਉਸਤੋਂ ਅੱਗੇ ਜਾਕੇ ਖੱਬੇ ਪਾਸੇ ਮੁੜਕੇ ਸੰਚਾਲੀ ਬਜਾਰ ਮੁਹੱਲੇ ਵਿੱਚ ਭੀਮਾ ਅਕੈਡਮੀ ਸੀ। ਉਸਦੇ ਲੋਹੇ ਦੇ ਗੇਟ ਦੇ ਸਾਹਮਣੇ ਲੱਗੇ ਦਰਵਾਜੇ ਦੇ ਉਪਰ ਖੁੱਲਰ ਕੌਟੇਜ ਲਿਖਿਆ ਹੋਇਆ ਸੀ ਜੋ ਅੱਜ ਵੀ ਉਸੇ ਤਰਾਂ ਹੈ। ਭੀਮੇ ਦਾ ਪੂਰਾ ਨਾਂ ਭੀਮ ਸੈਨ ਖੁੱਲਰ ਸੀ। ਗੋਰਾ ਚਿੱਟਾ ਰੰਗ, ਉੱਚਾ ਲੰਬਾ ਕੱਦ, ਚਿੱਟੀ ਕਮੀਜ ਤੇ ਖੁੱਲ੍ਹੀ ਮੋਹਰੀ ਵਾਲਾ ਗਿਟਿਆਂ ਤੋਂ ਉੱਚਾ ਪਜਾਮਾ। ਭੀਮੇ ਦੇ ਹਰ ਵੇਲੇ ਚਾਕ ਨਾਲ ਹੱਥ ਲਿਬੜੇ ਹੋਏ ਰਹਿੰਦੇ ਸਨ। ਭੀਮੇ ਦਾ ਇੱਕ ਅਸੂਲ ਸੀ ਉਹ ਕਲਾਸ ਵਿੱਚ ਕਦੇ ਵੀ ਕੁਰਸੀ ਨਹੀਂ ਸੀ ਰੱਖਦਾ। ਖੜ੍ਹਕੇ ਹੀ ਬਲੈਕ ਬੋਰਡ ਤੇ ਲਿਖ ਲਿਖ ਕੇ ਸਮਝਾਉਂਦਾ ਸੀ। ਟਿਊਸ਼ਨ ਵਾਲੇ ਕਮਰੇ ਦੇ ਨਾਲ ਇੱਕ ਕਮਰਾ ਸੀ ਜਿੱਥੇ ਇੱਕ ਤਖਤਪੋਸ਼ ਕੁਝ ਦੇਰ ਆਰਾਮ ਕਰਨ ਲਈ ਰੱਖਿਆ ਹੋਇਆ ਸੀ। ਸਵੇਰ ਤੋਂ ਲੈ ਕੇ ਰਾਤ ਤੱਕ ਟਿਊਸ਼ਨ ਪੜ੍ਹਨ ਆਉਣ ਵਾਲਿਆਂ ਦੇ ਗਰੁੱਪ ਆਂਦੇ ਰਹਿੰਦੇ ਸਨ। ਅਗਰ ਕਿਸੇ ਵਿਦਿਆਰਥੀ ਨੇ ਪ੍ਰਾਈਵੇਟ ਪੇਪਰ ਦੇਣੇ ਜਾਂ ਟਿਊਸ਼ਨ ਪੜ੍ਹਨੀ ਹੁੰਦੀ ਤਾਂ ਮਾਪਿਆਂ ਦੀ ਇੱਕੋ ਪਸੰਦ ਸੀ ਭੀਮਾ ਅਕੈਡਮੀ। ਭੀਮੇ ਦਾ ਪੜ੍ਹਾਇਆ ਵਿਦਿਆਰਥੀ ਅੰਗਰੇਜੀ ਦੀ ਗਰਾਮਰ ਤੇ ਹਿਸਾਬ ਦੇ ਦੱਸੇ ਫਾਰਮੂਲਿਆਂ ਵਿੱਚ ਕਦੀ ਵੀ ਮਾਰ ਨਹੀਂ ਸੀ ਖਾਂਦਾ। ਉਹਦੇ ਕਰਾਇਉ ਐਕਿਟਵ ਪੈਸਿਵ ਜਿੰਦਗੀ ਵਿੱਚ ਕਿਸੇ ਨੂੰ ਨੀ ਭੁੱਲੇ ਹੋਣੇ। ਮੈਂ ਵੀ 1980 ਵਿੱਚ ਕੁਝ ਸਮਾਂ ਇੱਥੋਂ ਸਿਖਿਆ ਹਾਸਲ ਕੀਤੀ ਸੀ। ਭੀਮਾ ਅਕੈਡਮੀ ਤੋਂ ਸਿਖਿਆ ਲੈ ਕੇ ਪਤਾ ਨਹੀਂ ਕਿੰਨੇ ਲੋਕ ਅਫਸਰ, ਮਾਸਟਰ, ਡਾਕਟਰ ਤੇ ਵਿਦੇਸ਼ਾਂ ਵਿੱਚ ਜਾ ਕੇ ਸੈਟ ਹੋਏ। ਭੀਮਾ ਕਦੇ ਵੀ ਘਰੋਂ ਬਾਹਰ ਨਹੀਂ ਸੀ ਨਿਕਲਿਆ। ਆਪਣੇ ਆਖਰੀ ਸਮੇਂ ਤੱਕ ਘਰ ਦਾ ਬੂਹਾ ਨਹੀਂ ਸੀ ਟੱਪਿਆ। ਇਸ ਬਾਰੇ ਵੀ ਇੱਕ ਕਹਾਣੀ ਸੁਣਨ ਨੂੰ ਮਿਲਦੀ ਹੈ ਕਿ ਜਦੋਂ ਭੀਮਾ ਵਿਹਲਾ ਸੀ ਤਾਂ ਉਹ ਇੱਕ ਨਾਈ ਦੀ ਦੁਕਾਨ ਤੇ ਜਾ ਕੇ ਬੈਠ ਜਾਂਦਾ ਸੀ। ਜਦੋਂ ਕਈ ਦਿਨ ਇਹ ਸਿਲਸਿਲਾ ਚਲਦਾ ਰਿਹਾ ਤਾਂ ਇੱਕ ਦਿਨ ਨਾਈ ਨੇ ਕਹਿ ਦਿੱਤਾ ਕਿ ਤੈਨੂੰ ਕੋਈ ਕੰਮ ਨਹੀਂ ਸਾਰਾ ਦਿਨ ਇੱਥੇ ਬੈਠਾ ਰਹਿਨਾ। ਘਰ ਬੈਠਿਆ ਕਰ ਭਰਾਵਾ। ਉਸ ਦਿਨ ਹੀ ਭੀਮੇ ਨੇ ਨਾਈ ਨੂੰ ਕਿਹਾ ਅੱਜ ਤੋਂ ਤੇਰੀ ਦੁਕਾਨ ਤੇ ਕੀ ਮੈਂ ਕਦੀ ਸ਼ਹਿਰ ਵਿੱਚ ਵੀ ਨਹੀਂ ਦਿਸਾਂਗਾ। ਦੱਸਦੇ ਹਨ ਉਸ ਦਿਨ ਤੋਂ ਭੀਮਾ ਅੰਦਰ ਲੌਕ ਹੋ ਗਿਆ। ਭੀਮੇ ਦੇ ਛੇ ਮੈਂਬਰਾਂ ਦਾ ਪਰਿਵਾਰ ਜਿਸ ਵਿੱਚ ਭਰਾ ਪੂਰਨ ਚੰਦ ਜੋ ਕਿ ਬਿਜਲੀ ਬੋਰਡ ਵਿੱਚ ਅਕਾਊਟੈਂਟ ਸੀ ਤੇ ਛੋਟਾ ਭਰਾ ਰਾਜ ਕੁਮਾਰ ਗੋਲਡ ਮੈਡਲਿਸਟ ਬੀਐਸਸੀ ਸੀ ਜਿਸਨੂੰ ਬਾਅਦ ਵਿੱਚ ਦਿਮਾਗੀ ਸੰਤੁਲਨ ਵਿਗੜ ਜਾਣ ਕਾਰਨ ਉਪਰ ਚੁਬਾਰੇ ਵਿੱਚ ਸੰਗਲ਼ਾਂ ਨਾਲ ਬੰਨ੍ਹਣਾ ਪਿਆ ਸੀ। ਭੈਣਾਂ ਵਿੱਚੋਂ ਇੱਕ ਦਰਸ਼ਨਾ ਦੇਵੀ ਦੀ ਮੌਤ ਹੋ ਚੁੱਕੀ ਹੈ ਤੇ ਦੋ ਭੈਣਾਂ ਨਿਮੋ ਤੇ ਪੁਸ਼ਪਾ ਬਹੁਤ ਹੀ ਖਸਤਾ ਹਾਲਤ ਮਕਾਨ ਵਿਚ ਦਿਨ ਕਟੀ ਕਰ ਰਹੀਆਂ ਹਨ। ਦੋਹਾਂ ਭੈਣਾਂ ਨੇ ਗੱਲਬਾਤ ਕਰਿਦਆਂ ਦੱਸਿਆ ਕਿ 1998 ਵਿੱਚ ਭੀਮੇ ਦੀ ਮੌਤ ਹੋ ਗਈ ਸੀ। ਭੀਮੇ ਨੇ ਜਿੱਥੇ ਆਪ ਵੀ ਵਿਆਹ ਨਹੀਂ ਕਰਵਾਇਆ ਉਥੇ ਆਪਣੇ ਭੈਣਾਂ ਭਰਾਵਾਂ ਦੇ ਵੀ ਵਿਆਹ ਨਹੀਂ ਕੀਤੇ। ਸ਼ਾਇਦ ਨਾਈ ਵਲੋਂ ਮਾਰੇ ਉਸ ਮੇਹਣੇ ਕਰਕੇ ਆਪਣੇ ਖਾਨਦਾਨ ਦਾ ਨਾਮੋ ਨਿਸ਼ਾਨ ਖਤਮ ਕਰਨਾ ਚਾਹੁੰਦਾ ਸੀ। ਕਿਸੇ ਵੇਲੇ ਛੇ ਭੈਣ ਭਰਾਵਾਂ ਦਾ ਹੱਸਦਾ ਵਸਦਾ ਟੱਬਰ ਹੁਣ ਦੋ ਮੈਂਬਰਾਂ ਤੱਕ ਸਿਮਟ ਕੇ ਰਹਿ ਗਿਆ। ਜਿਸ ਭੀਮਾ ਅਕੈਡਮੀ ਵਿੱਚ ਹਰ ਸਮੇਂ ਚਹਿਲ ਪਹਿਲ ਰਹਿੰਦੀ ਸੀ ਅੱਜ ਉਹ ਇਮਾਰਤ ਖੰਡਰ ਬਣ ਚੁੱਕੀ ਹੈ। ਉਸ ਖੰਡਰ ਇਮਾਰਤ ਵਿੱਚ ਦੋਵੇਂ ਭੈਣਾਂ ਦਿਨ ਕਟੀ ਕਰ ਰਹੀਆਂ ਹਨ ਉਹ ਕਿਸੇ ਦਾ ਅਹਿਸਾਨ ਵੀ ਨਹੀਂ ਲੈਣਾ ਚਾਂਹਦੀਆਂ। ਭੀਮਾ ਅਕੈਡਮੀ ਵਾਲੀ ਗਲ਼ੀ ਦਾ ਨਾਂ ਅੱਜ ਵੀ ਭੀਮੇ ਵਾਲੀ ਗਲ਼ੀ ਬੋਲਦੀ ਆ।

Leave a Reply

Your email address will not be published. Required fields are marked *